ਪ੍ਰਧਾਨ ਮੰਤਰੀ ਦਾ ਵੱਡਾ ਕਦਮ – Punjab Daily News

Punjab Daily News

Latest Online Breaking News

ਪ੍ਰਧਾਨ ਮੰਤਰੀ ਦਾ ਵੱਡਾ ਕਦਮ

😊 Please Share This News 😊

#PUNJABTIMES
ਵਿਸ਼ੇਸ਼ ਸੰਪਾਦਕੀ / ਪੰਜਾਬ ਟਾਇਮਜ਼
10-1-2022
ਪ੍ਰਧਾਨ ਮੰਤਰੀ ਦਾ ਵੱਡਾ ਕਦਮ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਵਾਰ ਫਿਰ ਸਿੱਖ ਗੁਰੂ ਸਾਹਿਬਾਨਾਂ ਪ੍ਰਤੀ ਵੱਡੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ 19 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਜ ਲਈ ਉਨ੍ਹਾਂ ਦੀ ਭਾਰੀ ਪ੍ਰਸ਼ੰਸਾ ਹੋਈ ਹੈ। ਹੁਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੇ ਧੰਨ-ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਪ੍ਰਤੀ ਸ਼ਰਧਾ ਦਾ ਵੱਡਾ ਪ੍ਰਗਟਾਵਾ ਕਰਦਿਆਂ ਹਰ ਸਾਲ 26 ਦਸੰਬਰ ਨੂੰ ਕੌਮੀ ਪੱਧਰ ’ਤੇ ‘ਵੀਰ ਬਾਲ ਦਿਵਸ’ ਮਨਾਉਣ ਦਾ ਐਲਾਨ ਕੀਤਾ ਹੈ। 26 ਦਸੰਬਰ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਵਿਖੇ ਮੁਗਲਾਂ ਨੇ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ ਸੀ

। ਇਸ ਸ਼ਹਾਦਤ ਦੀ ਮਿਸਾਲ ਦੁਨੀਆ ਵਿੱਚ ਕਿੱਧਰੇ ਵੀ ਨਹੀਂ ਮਿਲਦੀ। ਸ਼ਹਾਦਤ ਸਮੇਂ ਗੁਰੂ ਸਾਹਿਬ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਫਰਜ਼ੰਦ ਸਿਰਫ 9 ਅਤੇ 7 ਸਾਲ ਦੀ ਉਮਰ ਦੇ ਸਨ। ਇਸ ਉਮਰ ਵਿੱਚ ਵੀ ਉਨ੍ਹਾਂ ਨੇ ਆਪਣਾ ਸਿਰੜ ਅਤੇ ਧਰਮ ਨਹੀਂ ਤਿਆਗਿਆ। ਬੇਸ਼ਕ ਉਨ੍ਹਾਂ ’ਤੇ ਭਾਰੀ ਜ਼ੁਲਮ ਕੀਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ, ਲਾਲਚ ਦਿੱਤੇ ਗਏ ਪਰ ਛੋਟੇ ਸਾਹਿਬਜ਼ਾਦੇ ਆਖਰ ਤੱਕ ਧਰਮ ’ਤੇ ਕਾਇਮ ਰਹੇ। ਉਨ੍ਹਾਂ ਨੇ ਧਰਮ ਦੇ ਸਿਧਾਂਤਾਂ ਤੋਂ ਡੋਲਣ ਦੀ ਥਾਂ ਕੁਰਬਾਨੀ ਨੂੰ ਪਹਿਲ ਦਿੱਤੀ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਹਰ ਸਾਲ ਲੱਖਾਂ ਲੋਕ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ। ਇਤਿਹਾਸ ਦੇ ਇਸ ਪੰਨੇ ’ਤੇ ਸਿੱਖ ਕੌਮ ਨੂੰ ਵੱਡਾ ਮਾਣ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 26 ਦਸੰਬਰ ਨੂੰ ਹਰ ਸਾਲ ‘ਵੀਰ ਬਾਲ ਦਿਵਸ’ ਮਨਾਉਣ ਦਾ ਫੈਸਲਾ ਕਰਕੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਨਿਆਂ ਸਥਾਪਨਾ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਢੁਕਵੀਂ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ’ਤੇ ਬਹੁਤ ਹੀ ਸ਼ਰਧਾਮਈ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਆਖਿਆ ਹੈ ਕਿ ‘ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਚਾਰੋਂ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਨੇ ਲੱਖਾਂ ਲੋਕਾਂ ਨੂੰ ਤਾਕਤ ਦਿੱਤੀ ਹੈ। ਉਨ੍ਹਾਂ ਕਦੇ ਅਨਿਆਂ ਅੱਗੇ ਸਿਰ ਨਹੀਂ ਝੁਕਾਇਆ। ਇਹ ਸਮੇਂ ਦੀ ਮੰਗ ਹੈ ਕਿ ਹੋਰ ਲੋਕਾਂ ਨੂੰ ਵੀ ਉਨ੍ਹਾਂ ਬਾਰੇ ਪਤਾ ਲੱਗੇ।’ ਪ੍ਰਧਾਨ ਮੰਤਰੀ ਦਾ ਇਹ ਕਦਮ ਸਚਮੁੱਚ ਬਹੁਤ ਪ੍ਰਸ਼ੰਸਾ ਯੋਗ ਹੈ। ਇਸ ਫੈਸਲੇ ਨਾਲ ਉਨ੍ਹਾਂ ਨੇ ਲੱਖਾਂ-ਕਰੋੜਾਂ ਸ਼ਰਧਾਲੂਆਂ ਦੇ ਦਿਲ ਜਿੱਤ ਲਏ ਹਨ। ਦੇਸ਼ ਵਿੱਚ ਬਹੁਗਿਣਤੀ ਦੀਆਂ ਵੋਟਾਂ ਦੇ ਵੱਡੇ ਮਹੱਤਵ ਕਾਰਨ ਕਿਸੇ ਵੀ ਪ੍ਰਧਾਨ ਮੰਤਰੀ ਲਈ ਘੱਟ ਗਿਣਤੀਆਂ ਪ੍ਰਤੀ ਇਸ ਤਰ੍ਹਾਂ ਦੇ ਜਜ਼ਬਾਤਾਂ ਦਾ ਇਜ਼ਹਾਰ ਕਰਨਾ ਬਹੁਤ ਮੁਸ਼ਕਿਲ ਅਤੇ ਸਿਆਸੀ ਤੌਰ ’ਤੇ ਜ਼ੋਖਮ ਵਾਲਾ ਕਾਰਜ ਹੈ। ਅਜਿਹਾ ਕਦਮ ਚੁੱਕਣ ਸਮੇਂ ਵੱਡੇ ਸਾਹਸ ਅਤੇ ਵਿਸ਼ਾਲ ਹਿਰਦੇ ਦੀ ਜ਼ਰੂਰਤ ਹੈ। ਜਦੋਂ ਦੇਸ਼ ਦੀ ਰਾਜਨੀਤੀ ਫਿਰਕੂ ਵੰਡ ਦੇ ਆਧਾਰ ਉੱਪਰ ਚੱਲ ਰਹੀ ਹੋਵੇ ਉਸ ਵੇਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮਾਣ-ਸਨਮਾਨ ਪ੍ਰਤੀ ਇਸ ਤਰ੍ਹਾਂ ਦਾ ਫੈਸਲਾ ਲੈਣਾ ਸੱਚਮੁੱਚ ਇਤਿਹਾਸਕ ਅਤੇ ਵੱਡਾ ਕਦਮ ਹੈ। ਭਾਰਤ ਦੀ ਸਮੁੱਚੀ ਰਾਜਨੀਤੀ ਘੱਟ ਗਿਣਤੀਆਂ ਖਿਲਾਫ ਨਫਰਤ ਅਤੇ ਜ਼ਹਿਰ ਉਗਲ ਕੇ ਬਹੁ-ਗਿਣਤੀ ਦੀਆਂ ਵੋਟਾਂ ਹਾਸਿਲ ਕਰਨ ਦੁਵਾਲੇ ਘੁੰਮਦੀ ਹੈ। 1947 ਤੋਂ ਬਾਅਦ ਇਹੋ ਸਿਲਸਿਲਾ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਪ੍ਰਗਟ ਕੀਤੀ ਗਈ ਸ਼ਰਧਾ ਹੋਰ ਵੱਡੇ ਅਰਥ ਰੱਖਦੀ ਹੈ। ਪ੍ਰਧਾਨ ਮੰਤਰੀ ਦਾ ਇਹ ਕਦਮ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਆਦਰਸ਼ਾਂ ਦੀ ਵੱਡੀ ਵਡਿਆਈ ਹੈ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਪ੍ਰਤੀ ਚੁੱਕੇ ਗਏ ਅਜਿਹੇ ਹਾਂ ਪੱਖੀ ਕਦਮਾਂ ਦੀ ਯੋਗ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਜੇਕਰ ਸਿੱਖ ਭਾਈਚਾਰਾ ਅਜਿਹੇ ਹਾਂ ਪੱਖੀ ਕਦਮਾਂ ਦਾ ਸਵਾਗਤ ਨਹੀਂ ਕਰੇਗਾ ਤਦ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਧਿਰ ਉਨ੍ਹਾਂ ਵੱਲ ਹੱਥ ਨਹੀਂ ਵਧਾਏਗੀ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਪ੍ਰਤੀ ਨਫਰਤੀ ਅਤੇ ਜ਼ਹਿਰੀਲੀ ਰਾਜਨੀਤੀ ਦੇ ਮੁਕੰਮਲ ਖਾਤਮੇ ਲਈ ਅੱਗੇ ਆਉਣ। ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰਨ ਲਈ ਵੀ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਭਾਈਚਾਰਾ ਆਜ਼ਾਦੀ ਦਾ ਯੋਗ ਨਿੱਘ ਮਾਣ ਸਕੇ। ਪ੍ਰਧਾਨ ਮੰਤਰੀ ਨੂੰ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਤੁਰੰਤ ਰਿਹਾਈ ਦੇ ਆਦੇਸ਼ ਵੀ ਦੇਣੇ ਚਾਹੀਦੇ ਹਨ। ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਤੁਰੰਤ ਪੰਜਾਬ ਨੂੰ ਤਬਦੀਲ ਕੀਤੇ ਜਾਣ। ਭਾਰਤ ਸਰਕਾਰ ਨੂੰ ਦੇਸ਼ ਅਤੇ ਹਿੰਦੂ ਧਰਮ ਦੀ ਰਾਖੀ ਲਈ ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਭੁਲਣਾ ਨਹੀਂ ਚਾਹੀਦਾ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸਿੱਖਾਂ ਦੀ ਭਲਾਈ ਲਈ ਹੋਰ ਵੱਡੇ ਕਦਮ ਚੁੱਕਣ ਤਾਂ ਜੋ ਸਿੱਖਾਂ ਦੀ ਦੇਸ਼ ਪ੍ਰਤੀ ਸੇਵਾ ਅਤੇ ਕੁਰਬਾਨੀ ਨੂੰ ਯੋਗ ਸਨਮਾਨ ਮਿਲ ਸਕੇ।
– ਬਲਜੀਤ ਸਿੰਘ ਬਰਾੜ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!