ਉਦਯੋਗਿਕ ਵਿਕਾਸ ਲਈ ਸਰਕਾਰ ਦੀਆਂ ਕੋਸਿ਼ਸ਼ਾਂ ਸਦਕਾ ਸੂਬੇ ’ਚ ਇੱਕ ਲੱਖ ਕਰੋੜ ਦਾ ਨਿਵੇਸ਼ ਹੋਇਆ : ਕੋਟਲੀ

😊 Please Share This News 😊
|
ਉਦਯੋਗਿਕ ਵਿਕਾਸ ਲਈ ਸਰਕਾਰ ਦੀਆਂ ਕੋਸਿ਼ਸ਼ਾਂ ਸਦਕਾ ਸੂਬੇ ’ਚ ਇੱਕ ਲੱਖ ਕਰੋੜ ਦਾ ਨਿਵੇਸ਼ ਹੋਇਆ : ਕੋਟਲੀ
– ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਮੰਡੀ ਗੋਬਿੰਦਗੜ੍ਹ ਵਿਖੇ ਪੀ.ਐਨ.ਜੀ. ਦੇ ਤਿੰਨ ਪ੍ਰਦਰਸ਼ਨੀ ਪ੍ਲਾਂਟ ਕੀਤੇ ਲੋਕ ਅਰਪਣ

ਮੰਡੀ ਗੋਬਿੰਦਗੜ੍ਹ, 18 ਨਵੰਬਰ (ਮਨੋਜ ਭੱਲਾ ) :-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਲਈ ਚੁੱਕੇ ਗਏ ਕਦਮਾਂ ਸਦਕਾ ਪਿਛਲੇ ਪੰਜ ਸਾਲਾਂ ਦੌਰਾਨ ਇੱਕ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਨਾਲ ਜਿਥੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਹੋਣਗੇ ਉਥੇ ਹੀ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਦਯੋਗ, ਸਾਇੰਸ ਤਕਨਾਲੌਜੀ ਤੇ ਵਾਤਾਵਰਣ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਮੰਡੀ ਗੋਬਿੰਦਗੜ੍ਹ ਦੇ ਰੋਆਇਲ ਗਰੁੱਪ ਆਫ ਇੰਡਸਟਰੀਜ਼ ਵਿਖੇ ਕੋਇਲੇ ਨਾਲ ਚੱਲਣ ਵਾਲੀਆਂ ਰੀ ਰੋਲਿੰਗ ਮਿਲਾਂ ਨੂੰ ਪੀ.ਐਨ.ਜੀ. ਵਿੱਚ ਤਬਦੀਲ ਕਰਨ ਤਹਿਤ ਪੀ.ਐਨ.ਜੀ. ਦੇ ਤਿੰਨ ਪ੍ਰਦਰਸ਼ਨੀ ਪਲਾਂਟ ਲੋਕ ਅਰਪਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸੂਬੇ ਦੇ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਅਸੀਂ ਆਪਣੇ ਆਪ ਨਾਲ ਇਹ ਪ੍ਰਣ ਕਰੀਏ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉਜਵਲ ਭਵਿੱਖ ਲਈ ਅਸੀਂ ਆਪਣੇ ਆਪ ਤੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਕਿਉਂਕਿ ਜੇਕਰ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅਸੀਂ ਆਪ ਜਾਗਰੂਕ ਹੋਵਾਂਗੇ ਤਾਂ ਹੀ ਹੋਰਨਾਂ ਨੂੰ ਵੀ ਇਸ ਲਈ ਜਾਗਰੂਕ ਕਰ ਸਕਾਂਗੇ।

ਉਦਯੋਗ ਮੰਤਰੀ ਨੇ ਕਿਹਾ ਕਿ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜੇਕਰ ਅਸੀਂ ਹੁਣ ਤੋਂ ਹੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਧਰਤੀ ’ਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਤੋਂ ਨਿਜਾਤ ਹਾਸਲ ਕਰਨ ਲਈ ਜੇਕਰ ਉਦਯੋਗਾਂ ਵਿੱਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਦੀ ਲੋੜ ਮਹਿਸੂਸ ਹੋ ਰਹੀ ਹੈ ਤਾਂ ਇਸ ਤੋਂ ਕਦੇ ਵੀ ਮੂੰਹ ਨਹੀਂ ਫੇਰਨਾ ਚਾਹੀਦਾ ਕਿਉਂਕਿ ਤੰਦਰੁਸਤੀ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ।
ਸ. ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਕੋਇਲੇ ਨਾਲ ਚੱਲ ਰਹੇ ਉਦਯੋਗਾਂ ਨੂੰ ਪੀ.ਐਨ.ਜੀ. ਵਿੱਚ ਤਬਦੀਲ ਕਰਨ ਤੇ ਨਵੀਂਆਂ ਤਕਨੀਕਾਂ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਗਠਿਤ ਕੀਤੇ ਗਏ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਤਕਨਾਲੌਜੀ ਵੱਲੋ ਤੇਜੀ ਨਾਲ ਉਦਯੋਗਾਂ ਨੂੰ ਪੀ.ਐਨ.ਜੀ. ਵਿੱਚ ਤਬਦੀਲ ਕਰਨ ਲਈ ਉਦਯੋਗਪਤੀਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਅੰਦਰ ਪੰਜਾਬ ਦੇ ਸਮੂਹ ਉਦਯੋਗਾਂ ਨੂੰ ਪੀ.ਐਨ.ਜੀ. ਵਿੱਚ ਤਬਦੀਲ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਉਦਯੋਗ ਅਹਿਮ ਭੂਮਿਕਾ ਨਿਭਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ ਗੋਬਿੰਦਗੜ੍ਹ ਦੇ 81 ਉਦਯੋਗ ਪੀ.ਐਨ.ਜੀ. ਵਿੱਚ ਤਬਦੀਲ ਹੋ ਚੁੱਕੇ ਹਨ। ਇਸ ਮੌਕੇ ਉਨ੍ਹਾਂ ਮੰਡੀ ਗੋਬਿੰਦਗੜ੍ਹ ਦੀ ਰੀ ਰੋਲਿੰਗ ਮਿਲ ਰੋਆਇਲ ਗਰੁੱਪ ਆਫ ਇੰਡਸਟਰੀ ਵਿੱਚ ਪੌਦਾ ਲਗਾਇਆ ਅਤੇ ਲੋਹਾ ਨਗਰੀ ਵਿੱਚ ਪੀ.ਐਨ.ਜੀ. ਦੇ ਤਿੰਨ ਪ੍ਰਦਰਸ਼ਨੀ ਪਲਾਂਟ ਸ਼ੁਰੂ ਕਰਨ ਵਾਲੇ ਉਦਯੋਗਪਤੀਆਂ ਨੂੰ ਸਨਮਾਨਤ ਵੀ ਕੀਤਾ।

ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਆਦਰਸ਼ਪਾਲ ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਾਂ ਵਿੱਚ ਕੋਇਲੇ ਦੀ ਵਰਤੋਂ ਨੂੰ ਰੋਕਣ ਲਈ ਪੀ.ਐਨ.ਜੀ. ਵਿੱਚ ਤਬਦੀਲ ਹੋਣ ਵਾਲੇ ਉਦਯੋਗਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਸਾਇੰਸ ਤਕਨਾਲੌਜੀ ਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ਼੍ਰੀ ਦਲੀਪ ਕੁਮਾਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਤਕਨਾਲੌਜੀ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਇਸ ਮੌਕੇ ਜਿ਼ਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਹਰਿੰਦਰ ਸਿੰਘ ਭਾਂਬਰੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਪ੍ਰਿੰਸ, ਆਲ ਇੰਡੀਆ ਰੀ ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਿਨੋਦ ਵਸਿ਼ਸ਼ਟ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ਼੍ਰੀ ਕਰੁਨੇਸ਼ ਗਰਗ, ਪ੍ਰਬੰਧਕੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ, ਵਧੀਕ ਡਾਇਰੈਕਟਰ ਸ਼੍ਰੀ ਪ੍ਰਿਤਪਾਲ ਸਿੰਘ, ਖੇਤੀਬਾੜੀ ਮੰਤਰੀ ਦੇ ਨਿੱਜੀ ਸਹਾਇਕ ਸ਼੍ਰੀ ਰਾਮ ਕ੍ਰਿਸ਼ਨ ਭੱਲਾ, ਬਲਾਕ ਪ੍ਰਧਾਨ ਸ਼੍ਰੀ ਰਜਿੰਦਰ ਸਿੰਘ ਬਿਟੂ, ਰੋਆਇਲ ਗਰੁੱਪ ਆਫ ਇੰਡਸਟਰੀ ਦੇ ਐਮ.ਡੀ. ਸ਼੍ਰੀ ਰਾਜੀਵ ਸੂਦ, ਸ਼੍ਰੀ ਜਤਿਨ ਸੂਦ ਤੇ ਸ਼੍ਰੀ ਸੰਜੀਵ ਸੂਦ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

व्हाट्सप्प आइकान को दबा कर इस खबर को शेयर जरूर करें |