ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਸੀ ਪਠਾਣਾ ਵਿਖੇ ਮੈਗਾ ਡੇਅਰੀ ਪਲਾਂਟ ਦਾ ਪਹਿਲਾ ਪੜਾਅ ਲੋਕ ਅਰਪਣ

😊 Please Share This News 😊
|
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਸੀ ਪਠਾਣਾ ਵਿਖੇ 358 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਮੈਗਾ ਡੇਅਰੀ ਪਲਾਂਟ ਦਾ ਪਹਿਲਾ ਪੜਾਅ ਲੋਕ ਅਰਪਣ
ਬੱਸੀ ਪਠਾਣਾਂ, 17 ਨਵੰਬਰ(ਮਨੋਜ ਭੱਲਾ )- ਪੰਜਾਬ ਦੇ ਉੱਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਬਸੀ ਪਠਾਣਾ ਵਿਖੇ 358 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਮੈਗਾ ਡੇਅਰੀ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਲੋਕ ਅਰਪਣ ਕੀਤਾ। ਪਹਿਲੇ ਪੜਾਅ ਵਿੱਚ ਇਹ ਪਲਾਂਟ 138 ਕਰੋੜ ਦੀ ਲਾਗਤ ਨਾਲ ਲਾਇਆ ਗਿਆ ਹੈ ਜਿਸ ਦੀ ਦੁੱਧ ਸਾਂਭਣ ਦੀ ਸਮਰੱਥਾ 2 ਲੱਖ ਲੀਟਰ ਰੋਜਾਨਾ ਹੋਵੇਗੀ। ਪ੍ਰੋਜੈਕਟ ਪੂਰਾ ਹੋਣ ਤੇ ਪਲਾਂਟ ਦੀ ਸਮਰੱਥਾ 11 ਲੱਖ ਲੀਟਰ ਤੱਕ ਵਧਾਈ ਜਾਵੇਗੀ।ਇਹ ਪ੍ਰੋਜੈਕਟ ਨੈਸ਼ਨਲ ਡੇਅਰੀ ਵਿਕਾਸ ਬੋਰਡ ਰਾਹੀਂ ਸਥਾਪਿਤ ਕੀਤਾ ਗਿਆ।ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜ਼ਿੰਨ੍ਹਾਂ ਕੋਲ ਸਹਿਕਾਰਤਾ ਵਿਭਾਗ ਪੰਜਾਬ ਵੀ ਹੈ, ਨੇ ਕਿਹਾ ਕਿ ਇਹ ਪ੍ਰੋਜੈਕਟ ਦਿਹਾਤੀ ਢਾਂਚਾ ਵਿਕਾਸ ਫੰਡ ਸਕੀਮ ਹੇਠ ਲਾਇਆ ਗਿਆ ਹੈ। ਦੁੱਧ ਉਤਪਾਦਕਾਂ ਨੂੰ ਉਹਨਾਂ ਦੀ ਉੱਪਜ ਦਾ ਲਾਹੇਵੰਦ ਭਾਅ ਦੇਣ ਅਤੇ ਖਪਤਕਾਰ ਨੂੰ ਸ਼ੁੱਧ ਅਤੇ ਗੁਣਵੱਤਾ ਭਰਪੂਰ ਦੁੱਧ ਮੁਹੱਈਆ ਕਰਨ ਦੇ ਉਦੇਸ਼ ਦੀ ਪੂਰਤੀ ਲਈ ਇਹ ਅਤਿ ਆਧੁਨਿਕ ਅਤੇ ਆਪਣੇ ਕਿਸਮ ਦਾ ਪਹਿਲਾ ਪਲਾਂਟ ਹੋਵੇਗਾ, ਜਿਸ ਵਿੱਚ ਦੁੱਧ ਅਤੇ ਕਰੀਮ ਨੂੰ 6 ਮਹੀਨੇ ਤੱਕ ਬਿਨ੍ਹਾ ਖਰਾਬ ਹੋਇਆ ਰੱਖਣ ਲਈ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਇਸ ਮੌਕੇ ਸ. ਰੰਧਾਵਾ ਨੇ ਡੇਅਰੀ ਦੀ ਮਹੱਤਤਾ ਬਾਰੇ ਬੋਲਦੇ ਦੱਸਿਆ ਕਿ ਇਹ ਧੰਦਾ ਕਿਸਾਨਾਂ ਦੀ ਆਮਦਨ ਦੇ ਸਾਧਨ ਦੇ ਨਾਲ-ਨਾਲ ਉਹਨਾਂ ਦੇ ਘਰਾਂ ਵਿੱਚ ਰੋਜ਼ਗਾਰ ਦਿੰਦਾ ਹੈ। ਇਹ ਪਲਾਂਟ ਡੇਅਰੀ ਧੰਦੇ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਕਿਸਾਨਾ ਦੀ ਆਮਦਨ ਵਿੱਚ ਵਾਧਾ ਕਰਨ ਲਈ ਸਹਾਈ ਹੋਵੇਗਾ। ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਤੀ ਦੇ ਨਾਲ ਨਾਲ ਵੱਧ ਤੋਂ ਵੱਧ ਡੇਅਰੀ ਵਰਗੇ ਸਹਾਇਕ ਧੰਦਿਆਂ ਨਾਲ ਜੁੜਨ ਕਿਉਂਕਿ ਭੋਜਨ ਸੁਰੱਖਿਆ ਦੇ ਨਾਲ ਨਾਲ ਸੰਤੁਲਿਤ ਖੁਰਾਕ ਦੀ ਸੁਰੱਖਿਆ ਵੀ ਅਤਿ ਜਰੂਰੀ ਹੈ। ਦੇਸ਼ ਦੀ ਵੱਧਦੀ ਆਬਾਦੀ ਦੀ ਲੋੜ ਨੂੰ ਪੂਰੀ ਕਰਨ ਲਈ ਦੁੱਧ ਦੀ ਪੈਦਾਵਾਰ ਅਤੇ ਪ੍ਰੋਸੈਸਿੰਗ ਵਧਾਉਣ ਦੀ ਲੋੜ ਹੈ। ਫਸਲ ਵਿਭਿੰਨਤਾ ਲਿਆਉਣ ਲਈ ਵੀ ਡੇਅਰੀ ਵਰਗੇ ਧੰਦੇ ਸਹਾਈ ਹੋ ਰਹੇ ਹਨ।ਇਸ ਮੌਕੇ ਉੱਤੇ ਸ.ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਇਹ ਪ੍ਰੋਜੈਕਟ ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਜਿਲ੍ਹੇ ਦੇ ਦੁੱਧ ਉੱਤਪਾਦਕਾਂ ਦੀ ਆਮਦਨ ਵਾਧੇ ਦੇ ਨਾਲ ਉਹਨਾਂ ਦਾ ਆਰਥਿਕ ਪੱਧਰ ਉੱਚਾ ਕਰਨ ਵਿੱਚ ਸਹਾਈ ਹੋਵੇਗਾ। ਉਹਨਾ ਦੱਸਿਆ ਕਿ ਕੋਵਿਡ-19 ਕਾਰਨ ਲਾਏ ਗਏ ਲੋਕਡਾਊਨ ਅਤੇ ਹੋਰ ਬੰਦਿਸ਼ਾਂ ਦੇ ਬਾਵਜੂਦ ਇਹ ਪਲਾਂਟ 36 ਮਹੀਨਿਆਂ ਦੇ ਅੰਦਰ-ਅੰਦਰ ਬਣਾ ਕੇ ਚਾਲੂ ਕੀਤਾ ਗਿਆ ਹੈ। ਅਤਿ ਆਧੁਨਿਕ, ਪੂਰੀ ਤਰ੍ਹਾਂ ਸਵੈ-ਚਾਲਕ ਟੈਟਰਾ ਪੈਕ ਮਸ਼ੀਨਾ ਇਸ ਕਾਰਖਾਨੇ ਦੀਆ ਵਿਸ਼ੇਸ਼ਤਾਵਾਂ ਹਨ।
ਉਹਨਾ ਦੱਸਿਆ ਕਿ ਵੇਰਕਾ ਦੇ ਅੰਮ੍ਰਿਤਸਰ ਪਲਾਂਟ ਦਾ ਆਧੁਨਿਕੀਕਰਨ ਅਤੇ ਸਮਰੱਥਾ ਵਾਧੇ ਉੱਤੇ 50 ਕਰੋੜ, ਜਲੰਧਰ ਪਲਾਂਟ ਦੇ ਪਾਊਡਰ ਪਲਾਂਟ ਉੱਤੇ 24 ਕਰੋੜ ਰੁਪਏ ਦੀ ਰਾਸ਼ੀ ਲਾਈ ਜਾ ਚੁੱਕੀ ਹੈ। ਇਸੇ ਤਰ੍ਹਾ ਜਲੰਧਰ, ਪਟਿਆਲਾ ਅਤੇ ਲੁਧਿਆਣਾ ਡੇਅਰੀਆ ਉੱਤੇ 84 ਕਰੋੜ, 21 ਕਰੋੜ ਅਤੇ 105 ਕਰੋੜ ਦੀ ਰਾਸ਼ੀ ਇਹਨਾ ਦੀ ਸਮਰੱਥਾ ਵਾਧੇ ਅਤੇ ਆਧੁਨਿਕੀਕਰਨ ਲਈ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਮਿਲਕਫੈਡ ਦੇ ਕਾਰੋਬਾਰ ਵਿੱਚ 50 ਫੀਸਦੀ ਵਾਧਾ ਹੋਇਆ ਹੈ। ਬਾਈਪਾਸ ਪ੍ਰੋਟੀਨ ਯੁਕਤ ਪਸ਼ੂ ਖੁਰਾਕ ਬਣਾਉਣ ਦਾ ਪਲਾਂਟ 10.14 ਕਰੋੜ ਦੀ ਲਾਗਤ ਨਾਲ ਘਣੀਏ-ਕੇ-ਬਾਂਗਰ ਜਿਲ੍ਹਾ ਗੁਰਦਾਸਪੁਰ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਪੰਜਾਬ, ਸ. ਗੁਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਬਸੀ ਪਠਾਣਾ ਵਿਖੇ ਲੱਗਿਆ ਇਹ ਪ੍ਰੋਜੈਕਟ ਇਤਿਹਾਸਕ ਪ੍ਰੋਜੈਕਟ ਹੈ। ਜਿਸ ਨਾਲ ਇਸ ਸਮੁੱਚੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਲੋਕਾਂ ਦੀ ਜਿੰਦਗੀ ਬਿਹਤਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤ ਨੂੰ ਪ੍ਰਫੂੱਲਿਤ ਕਰਨ ਲਈ ਜੰਗੀ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਨਿਵੇਸ਼ ਹੋਇਆ ਹੈ ਜਿਸਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਸੂਬਾ ਤਰੱਕੀ ਦੇ ਰਾਹ ਉੱਤੇ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਸੜ੍ਹਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਿਸਦੇ ਮੱਦੇਨਜਰ ਪੰਜਾਬ ਵਿੱਚ ਸੜ੍ਹਕਾਂ ਦੀ ਵੱਡੇ ਪੱਧਰ ਉੱਤੇ ਕਾਇਆ ਕਲਪ ਕੀਤੀ ਗਈ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੂਰ ਅੰਦੇਸ਼ੀ ਸੋਚ ਰੱਖਦਿਆਂ 358 ਕਰੋੜ ਰੁਪਏ ਦੀ ਲਾਗਤ ਵਾਲਾ ਮੈਗਾ ਡੇਅਰੀ ਪ੍ਰੌਜਕਟ ਬਸੀ ਪਠਾਣਾ ਨੂੰ ਦਿੱਤਾ ਇਸ ਨਾਲ ਬਸੀ ਪਠਾਣਾ ਕੇਵਲ ਸੂਬੇ ਵਿਚ ਹੀ ਨਹੀਂ ਦੇਸ਼ ਵਿੱਚ ਜਾਣਿਆਂ ਜਾਵੇਗਾ। ਇਹ ਪ੍ਰੋਜੈਕਟ ਬਸੀ ਪਠਾਣਾ ਸਮੇਤ ਸਮੁੱਚੇ ਜ਼ਿਲ੍ਹੇ ਅਤੇ ਸੂਬੇ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਨਿਭਾਵੇਗਾ।ਇਸ ਮੌਕੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ 11 ਲੱਖ ਲੀਟਰ ਪ੍ਰਤੀ ਦਿਨ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਤਿੰਨ ਪੜਾਵਾਂ ਵਿੱਚ ਮੁਕੰਮਲ ਹੋਵੇਗਾ, ਜਿਸ ਨਾਲ ਸਿੱਧੇ ਤੌਰ ‘ਤੇ 500 ਵਿਅਕਤੀਆਂ ਨੂੰ ਅਤੇ ਅਸਿੱਧੇ ਤੌਰ ‘ਤੇ 80 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।ਪ੍ਰੋਜੈਕਟ ਦਾ ਤੀਜਾ ਪੜਾਅ 100 ਕਰੋੜ ਰੁਪਏ ਦੀ ਲਾਗਤ ਨਾਲ 2024 ਤੱਕ ਮੁਕੰਮਲ ਹੋਵੇਗਾ, ਜਿਸ ਦੀ 06 ਲੱਖ ਲੀਟਰ ਪ੍ਰਤੀ ਦਿਨ ਦੁੱਧ ਪ੍ਰੋਸੈਸ ਕਰਨ ਦੀ ਸਮਰੱਥਾ ਹੋਵੇਗੀ ਅਤੇ ਰੋਜ਼ਾਨਾ 60 ਮੀਟਰਿਕ ਟਨ ਦੁੱਧ ਪਾਊਡਰ ਤਿਆਰ ਹੋਵੇਗਾ।
ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਡੇਅਰੀ ਫਾਰਮਿੰਗ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ। ਡੇਅਰੀ ਦੇ ਧੰਦੇ ਨੂੰ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਵਿੱਚ ਵੱਡੇ ਪੱਧਰ ‘ਤੇ ਸੁਧਾਰ ਲਿਆ ਸਕਦੇ ਹਨ। ਇਸ ਮੌਕੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਮੀਨੀਸ਼ ਸ਼ਾਹ ਨੇ ਮਿਲਕਫੈੱਡ ਦੀ ਸਰਾਹਨਾ ਕਰਦੇ ਹੋਏ ਹੋਏ ਕਿਹਾ ਕਿ ਮਿਲਕਫੈੱਡ ਨੇ ਜਿੱਥੇ ਇਹ ਪ੍ਰੋਜੈਕਟ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤਾ ਹੈ ਉੱਥੇ ਆਪਣੇ ਪਲਾਂਟ ਦੇ ਆਧੁਨਿਕੀਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਹਨ।ਮਿਲਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਸ.ਕਮਲਦੀਪ ਸਿੰਘ ਸੰਘਾ ਨੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਜੀ ਦਾ ਲਾਕਡਾਊਨ ਦੌਰਾਨ ਮਿਲਕਫੈੱਡ ਨੂੰ ਦਿੱਤੇ ਬਿਨ੍ਹਾ ਸ਼ਰਤ ਸਹਿਯੋਗ ਅਤੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਸਮੇਂ ਸਿਰ ਜਾਰੀ ਕੀਤੀ ਵਿੱਤੀ ਸਹਾਇਤਾ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮਿਲਕਫੈਡ ਵਲੋਂ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ 2017 ਤੋਂ ਲਗਾਤਾਰ ਵਾਧਾ ਕੀਤਾ ਗਿਆ ਹੈ। ਜਿਸ ਨਾਲ ਇਸ ਸਾਲ ਮਿਲਕਫੈਡ ਵਲੋਂ ਰੋਜ਼ਾਨਾ ਔਸਤਨ 18.51 ਲੱਖ ਲੀਟਰ ਦੁੱਧ ਖਰੀਦਿਆ ਗਿਆ ਜੋ ਕਿ ਸਾਲ 2016-17 ਦੌਰਾਨ 14.85 ਲੱਖ ਲੀਟਰ ਸੀ। ਵੇਰਕਾ ਦੇ ਉਤਪਾਦ ਹੁਣ ਸਿਰਫ ਮੁਲਕ ਅੰਦਰ ਹੀ ਨਹੀਂ ਸਗੋਂ ਵੇਰਕਾ ਦੇਸੀ ਘਿਉ ਦੁਬਈ, ਸਾਊਦੀ ਅਰੇਬੀਆ, ਆਸਟਰੇਲੀਆ, ਫਿਲਪਾਈਨਜ਼, ਦੱਖਣੀ ਕੋਰੀਆ ਆਦਿ ਮੁਲਕਾਂ ਵਿੱਚ ਵੀ ਭੇਜਿਆ ਜਾਂਦਾ ਹੈ।ਸਮਾਰੋਹ ਵਿੱਚ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ. ਨਵਤੇਜ ਸਿੰਘ ਚੀਮਾ,ਪੰਜਾਬ ਰਾਜ ਸਫਾਈ ਕਰਮਚਾਰੀ ਦੇ ਚੇਅਰਮੈਨ ਸ਼੍ਰੀ ਗੇਜ਼ਾ ਰਾਮ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ.ਹਰਿੰਦਰ ਸਿੰਘ ਭਾਂਬਰੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਸ੍ਰੀ ਅਨੁਰਾਗ ਅਗਰਵਾਲ ਵਧੀਕ ਮੁੱਖ ਸਕੱਤਰ ਸਹਿਕਾਰਤਾ ਅਤੇ ਵਿਕਾਸ, ਸ੍ਰੀ ਅਰੁਣ ਸੇਖੜੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪੱਤਵੰਤੇ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
व्हाट्सप्प आइकान को दबा कर इस खबर को शेयर जरूर करें |